Lectionary Calendar
Friday, May 17th, 2024
the Seventh Week after Easter
Attention!
StudyLight.org has pledged to help build churches in Uganda. Help us with that pledge and support pastors in the heart of Africa.
Click here to join the effort!

Read the Bible

ਬਾਇਬਲ

ਮਰਕੁਸ 12

1 ਫੇਰ ਉਹ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਬੋਲਣ ਲੱਗਾ ਕਿ ਇੱਕ ਮਨੁੱਖ ਨੇ ਅੰਗੂਰ ਦਾ ਬਾਗ਼ ਲਾਇਆ ਅਰ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਰਸ ਲਈ ਚੁਬੱਚਾ ਕੱਢਿਆ ਅਤੇ ਇੱਕ ਬੁਰਜ ਉਸਾਰਿਆ ਅਤੇ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ।
2 ਅਰ ਉਸ ਨੇ ਰੁੱਤ ਸਿਰ ਇੱਕ ਨੌਕਰ ਨੂੰ ਮਾਲੀਆਂ ਕੋਲ ਘੱਲਿਆ ਜੋ ਉਹ ਮਾਲੀਆਂ ਤੋਂ ਬਾਗ਼ ਦੇ ਫਲ ਵਿੱਚੋਂ ਕੁਝ ਲਵੇ।
3 ਅਤੇ ਉਨ੍ਹਾਂ ਉਸ ਨੂੰ ਫੜ ਕੇ ਕੁੱਟਿਆ ਅਰ ਸੱਖਣੇ ਹੱਥ ਮੋੜ ਦਿੱਤਾ।
4 ਉਸ ਨੇ ਇੱਕ ਹੋਰ ਨੌਕਰ ਉਨ੍ਹਾਂ ਦੇ ਕੋਲ ਘੱਲਿਆ ਅਤੇ ਉਨ੍ਹਾਂ ਉਹ ਦਾ ਸਿਰ ਭੰਨਿਆ ਅਤੇ ਉਹ ਦੀ ਪਤ ਲਾਹ ਦਿਤੀ।
5 ਫੇਰ ਉਸ ਨੇ ਇੱਕ ਹੋਰ ਘੱਲਿਆ ਅਤੇ ਉਨ੍ਹਾਂ ਉਹ ਨੂੰ ਮਾਰ ਸੁੱਟਿਆ ਅਰ ਉਸ ਨੇ ਹੋਰ ਬਹੁਤ ਸਾਰੇ ਘੱਲੇ ਅਤੇ ਉਨ੍ਹਾਂ ਨੇ ਕਈਆਂ ਨੂੰ ਕੁੱਟਿਆ ਅਰ ਕਈਆਂ ਨੂੰ ਮਾਰ ਦਿੱਤਾ।
6 ਅਜੇ ਉਸ ਦੇ ਕੋਲ ਇੱਕ ਰਹਿੰਦਾ ਸੀ, ਉਸ ਦਾ ਪਿਆਰਾ ਪੁੱਤ੍ਰ। ਓੜਕ ਉਸ ਨੇ ਉਹ ਨੂੰ ਵੀ ਉਨ੍ਹਾਂ ਕੋਲ ਇਹ ਕਹਿ ਕੇ ਘੱਲਿਆ ਭਈ ਓਹ ਮੇਰੇ ਪੁੱਤ੍ਰ ਦਾ ਮਾਨ ਰੱਖਣਗੇ।
7 ਪਰ ਉਨ੍ਹਾਂ ਮਾਲੀਆਂ ਨੇ ਆਪੋ ਵਿੱਚ ਕਿਹਾ, ਵਾਰਸ ਇਹੋ ਹੈ। ਆਓ ਇਹ ਨੂੰ ਮਾਰ ਸੁੱਟੀਏ ਤਾਂ ਵਿਰਸਾ ਸਾਡਾ ਹੋ ਜਾਵੇਗਾ।
8 ਅਰ ਉਨ੍ਹਾਂ ਨੇ ਉਹ ਨੂੰ ਫੜ ਕੇ ਮਾਰ ਦਿੱਤਾ ਅਤੇ ਉਹ ਨੂੰ ਬਾਗ਼ੋਂ ਬਾਹਰ ਸੁੱਟਿਆ।
9 ਸੋ ਬਾਗ਼ ਦਾ ਮਾਲਕ ਕੀ ਕਰੇਗਾ? ਉਹ ਆਵੇਗਾ ਅਰ ਮਾਲੀਆਂ ਦਾ ਨਾਸ ਕਰੇਗਾ ਅਤੇ ਅੰਗੂਰ ਦਾ ਬਾਗ਼ ਹੋਰਨਾਂ ਨੂੰ ਸੌਂਪੇਗਾ।
10 ਕੀ ਤੁਸਾਂ ਇਹ ਲਿਖਤ ਵੀ ਨਹੀਂ ਪੜ੍ਹੀ? ਕਿ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ।
11 ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ।
12 ਤਦ ਉਨ੍ਹਾਂ ਨੇ ਚਾਹਿਆ ਜੋ ਉਹ ਨੂੰ ਫੜ ਲੈਣ ਪਰ ਲੋਕਾਂ ਤੋਂ ਡਰੇ ਕਿਉਂ ਜੋ ਉਨ੍ਹਾਂ ਨੇ ਜਾਣ ਲਿਆ ਭਈ ਉਸ ਨੇ ਸਾਡੇ ਉੱਤੇ ਇਹ ਦ੍ਰਿਸ਼ਟਾਂਤ ਕਿਹਾ ਹੈ ਅਤੇ ਓਹ ਉਸ ਨੂੰ ਛੱਡ ਕੇ ਚਲੇ ਗਏ।

13 ਫੇਰ ਉਨ੍ਹਾਂ ਨੇ ਫ਼ਰੀਸੀਆਂ ਅਤੇ ਹੇਰੋਦੀਆਂ ਵਿੱਚੋਂ ਕਈਆਂ ਨੂੰ ਉਹ ਦੇ ਕੋਲ ਘੱਲਿਆ ਜੋ ਉਹ ਨੂੰ ਉਹ ਦੀਆਂ ਗੱਲਾਂ ਦੀ ਫਾਹੀ ਵਿੱਚ ਫਸਾਉਣ।
14 ਸੋ ਉਨ੍ਹਾਂ ਆਣ ਕੇ ਉਸ ਨੂੰ ਆਖਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂਕਿ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ। ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਕਿ ਨਹੀਂ? ਅਸੀਂ ਦੇਈਏ ਕਿ ਨਾ ਦੇਈਏ?
15 ਪਰ ਉਸ ਨੇ ਉਨ੍ਹਾਂ ਦਾ ਕਪਟ ਜਾਣ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਕਿਉਂ ਪਰਤਾਉਂਦੇ ਹੋ? ਇੱਕ ਅੱਠਿਆਨੀ ਮੇਰੇ ਕੋਲ ਲਿਆਓ ਤਾਂ ਵੇਖਾਂ।
16 ਸੋ ਓਹ ਲਿਆਏ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਹ ਦੀ ਹੈ? ਉਨ੍ਹਾਂ ਉਸ ਨੂੰ ਆਖਿਆ, ਕੈਸਰ ਦੀ।
17 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ। ਤਾਂ ਓਹ ਉਸ ਤੋਂ ਬਹੁਤ ਹੈਰਾਨ ਹੋਏ।

18 ਫੇਰ ਸਦੂਕੀ ਜਿਹੜੇ ਆਖਦੇ ਹਨ ਭਈ ਕਿਆਮਤ ਨਹੀਂ ਹੋਣੀ ਉਸ ਕੋਲ ਆਏ ਅਰ ਉਸ ਤੋਂ ਇਹ ਸਵਾਲ ਕੀਤਾ।
19 ਕਿ ਗੁਰੂ ਜੀ ਸਾਡੇ ਲਈ ਮੂਸਾ ਨੇ ਲਿਖਿਆ ਹੈ ਭਈ ਜੇ ਕਿਸੇ ਦਾ ਭਾਈ ਮਰ ਜਾਵੇ ਅਤੇ ਉਹ ਦੀ ਤੀਵੀਂ ਰਹੇ ਅਰ ਕੋਈ ਉਲਾਦ ਨਾ ਛੱਡ ਗਿਆ ਹੋਵੇ ਤਾਂ ਉਹ ਦਾ ਭਾਈ ਉਹ ਦੀ ਤੀਵੀਂ ਨੂੰ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ ਉਤਪੰਨ ਕਰੇ।
20 ਸੱਤ ਭਾਈ ਸਨ ਅਤੇ ਪਹਿਲੇ ਨੇ ਤੀਵੀਂ ਕੀਤੀ ਅਰ ਔਂਤ ਮਰ ਗਿਆ।
21 ਤਦ ਦੂਏ ਨੇ ਉਹ ਨੂੰ ਕਰ ਲਿਆ ਅਤੇ ਔਂਤ ਮਰ ਗਿਆ ਅਤੇ ਇਸੇ ਤਰਾਂ ਤੀਆ ਭੀ ਅਰ ਸੱਤੇ ਔਂਤ ਗਏ।
22 ਸਾਰਿਆਂ ਦੇ ਪਿੱਛੋਂ ਉਹ ਤੀਵੀਂ ਭੀ ਮਰ ਗਈ।
23 ਕਿਆਮਤ ਨੂੰ ਉਹ ਉਨ੍ਹਾਂ ਵਿੱਚੋਂ ਕਿਹ ਦੀ ਤੀਵੀਂ ਹੋਊ ਕਿਉਂ ਜੋ ਸੱਤਾਂ ਨੇ ਉਹ ਨੂੰ ਇਸਤ੍ਰੀ ਕਰ ਕੇ ਵਸਾਇਆ ਸੀ?
24 ਯਿਸੂ ਨੇ ਉਨ੍ਹਾਂ ਨੂੰ ਕਿਹਾ, ਕੀ ਤੁਸੀਂ ਇਸ ਕਰਕੇ ਤਾਂ ਭੁੱਲ ਵਿੱਚ ਨਹੀਂ ਪਏ ਹੋ ਕਿ ਤੁਸੀਂ ਨਾ ਪੁਸਤਕਾਂ ਨੂੰ, ਨਾ ਪਰਮੇਸ਼ੁਰ ਦੀ ਸਮਰੱਥਾ ਨੂੰ ਜਾਣਦੇ ਹੋ?
25 ਕਿਉਂਕਿ ਜਦ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ ਓਹ ਨਾ ਵਿਆਹ ਕਰਦੇ ਹਨ ਨਾ ਵਿਆਹੇ ਜਾਂਦੇ ਹਨ ਪਰ ਸੁਰਗੀ ਦੂਤਾਂ ਵਰਗੇ ਹਨ।
26 ਪਰ ਮੁਰਦਿਆਂ ਦੇ ਵਿਖੇ ਜੋ ਓਹ ਜਿਵਾਲੇ ਜਾਂਦੇ ਹਨ ਕੀ ਤੁਸਾਂ ਮੂਸਾ ਦੀ ਪੋਥੀ ਵਿੱਚ ਝਾੜੀ ਦੀ ਕਥਾ ਵਿੱਚ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਉਹ ਨੂੰ ਕਿੱਕੁਰ ਆਖਿਆ ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ?
27 ਉਹ ਮੁਰਦਿਆਂ ਦਾ ਪਰਮੇਸ਼ੁਰ ਤਾਂ ਨਹੀਂ ਸਗੋਂ ਜਿਉਂਦਿਆਂ ਦਾ ਹੈ। ਤੁਸੀਂ ਵੱਡੀ ਭੁੱਲ ਵਿੱਚ ਪਏ ਹੋਏ ਹੋ।

28 ਗ੍ਰੰਥੀਂਆਂ ਵਿੱਚੋਂ ਇੱਕ ਨੇ ਕੋਲ ਆਣ ਕੇ ਉਨ੍ਹਾਂ ਦਾ ਸਵਾਲ ਜਵਾਬ ਸੁਣਿਆ ਅਤੇ ਇਹ ਸਮਝ ਕੇ ਭਈ ਉਸ ਨੇ ਉਨ੍ਹਾਂ ਨੂੰ ਚੰਗਾ ਜਵਾਬ ਦਿੱਤਾ ਉਹ ਨੂੰ ਪੁੱਛਿਆ, ਸਭਨਾਂ ਹੁਕਮਾਂ ਵਿੱਚੋਂ ਵੱਡਾ ਕਿਹੜਾ ਹੈ?
29 ਯਿਸੂ ਨੇ ਜਵਾਬ ਦਿੱਤਾ ਭਈ ਮੁੱਖ ਇਹ ਹੈ ਕਿ ਹੇ ਇਸਰਾਏਲ, ਸੁਣ। ਪ੍ਰਭੁ ਸਾਡਾ ਪਰਮੇਸ਼ੁਰ ਇੱਕੋ ਪ੍ਰਭੁ ਹੈ।
30 ਅਰ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।
31 ਦੂਆ ਇਹ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।
32 ਤਦ ਉਸ ਗ੍ਰੰਥੀਂ ਨੇ ਉਹ ਨੂੰ ਕਿਹਾ, ਠੀਕ ਗੁਰੂ ਜੀ, ਤੈਂ ਸਤ ਆਖਿਆ ਭਈ ਉਹ ਇੱਕੋ ਹੈ ਅਤੇ ਉਹ ਦੇ ਬਿਨਾ ਹੋਰ ਕੋਈ ਨਹੀਂ।
33 ਅਤੇ ਸਾਰੇ ਦਿਲ ਨਾਲ ਅਤੇ ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਉਹ ਨੂੰ ਪਿਆਰ ਕਰਨਾ ਅਰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰਨਾ ਸਾਰੇ ਹੋਮਾਂ ਅਤੇ ਬਲੀਦਾਨਾਂ ਨਾਲੋਂ ਵੱਧ ਹੈ।
34 ਜਾਂ ਯਿਸੂ ਨੇ ਡਿੱਠਾ ਕਿ ਉਹ ਨੇ ਅਕਲ ਨਾਲ ਉੱਤਰ ਦਿੱਤਾ ਤਾਂ ਉਹ ਨੂੰ ਕਿਹਾ, ਤੂੰ ਪਰਮੇਸ਼ੁਰ ਦੇ ਰਾਜ ਤੋਂ ਦੂਰ ਨਹੀਂ ਹੈਂ ਅਤੇ ਏਦੋਂ ਅੱਗੇ ਕਿਸੇ ਦਾ ਹਿਆਉ ਨਾ ਪਿਆ ਜੋ ਉਸ ਕੋਲੋਂ ਕੁਝ ਸਵਾਲ ਕਰੇ।

35 ਯਿਸੂ ਨੇ ਹੈਕਲ ਵਿੱਚ ਉਪਦੇਸ਼ ਕਰਦੇ ਹੋਏ ਅੱਗੋਂ ਆਖਿਆ, ਗ੍ਰੰਥੀਂ ਕਿੱਕੁਰ ਕਹਿੰਦੇ ਹਨ ਭਈ ਮਸੀਹ ਦਾਊਦ ਦਾ ਪੁੱਤ੍ਰ ਹੈ?
36 ਦਾਊਦ ਨੇ ਪਵਿੱਤ੍ਰ ਆਤਮਾ ਦੀ ਰਾਹੀਂ ਆਪੇ ਆਖਿਆ ਹੈ ਕਿ ਪ੍ਰਭੁ ਨੇ ਮੇਰੇ ਪ੍ਰਭੁ ਨੂੰ ਕਿਹਾ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।
37 ਦਾਊਦ ਤਾਂ ਆਪੇ ਉਹ ਨੂੰ ਪ੍ਰਭੁ ਆਖਦਾ ਹੈ ਫੇਰ ਉਹ ਉਸ ਦਾ ਪੁੱਤ੍ਰ ਕਿੱਥੋਂ ਹੋਇਆ? ਅਤੇ ਵੱਡੀ ਭੀੜ ਖੁਸ਼ੀ ਨਾਲ ਉਹ ਦੀ ਸੁਣਦੀ ਸੀ।
38 ਉਸ ਨੇ ਆਪਣੇ ਉਪਦੇਸ਼ ਵਿੱਚ ਕਿਹਾ, ਗ੍ਰੰਥੀਂਆਂ ਤੋਂ ਚੌਕਸ ਰਹੋ ਜਿਹੜੇ ਲੰਮੇ ਬਸਤ੍ਰ ਪਹਿਨੀਂ ਤੁਰਨ ਫਿਰਨ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ।
39 ਅਤੇ ਸਮਾਜਾਂ ਵਿੱਚ ਅਗਲੀਆਂ ਕੁਰਸੀਆਂ ਅਤੇ ਜ਼ਿਆਫ਼ਤਾਂ ਵਿੱਚ ਉੱਚੀਆਂ ਥਾਵਾਂ ਨੂੰ ਲੋਚਦੇ ਹਨ।
40 ਓਹ ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਹਨ ਅਤੇ ਵਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਂ ਕਰਦੇ ਹਨ। ਉਨ੍ਹਾਂ ਨੂੰ ਵਧੀਕ ਸਜ਼ਾ ਮਿਲੇਗੀ।

41 ਉਹ ਖ਼ਜ਼ਾਨੇ ਦੇ ਸਾਹਮਣੇ ਬੈਠ ਕੇ ਵੇਖ ਰਿਹਾ ਸੀ ਜੋ ਲੋਕ ਖ਼ਜ਼ਾਨੇ ਵਿੱਚ ਕਿਸ ਤਰਾਂ ਪੈਸੇ ਟਕੇ ਪਾਉਂਦੇ ਹਨ ਅਰ ਬਥੇਰੇ ਧਨਵਾਨਾਂ ਨੇ ਬਹੁਤ ਕੁਝ ਪਾਇਆ।
42 ਅਤੇ ਇੱਕ ਕੰਗਾਲ ਵਿਧਵਾ ਨੇ ਆਣ ਕੇ ਦੋ ਦਮੜੀਆਂ ਅਰਥਾਤ ਧੇਲਾ ਪਾ ਦਿੱਤਾ।
43 ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਕਿਹਾ, ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ ਕੰਗਾਲ ਵਿਧਵਾ ਨੇ ਬਹੁਤਾ ਪਾਇਆ।
44 ਕਿਉਂ ਜੋ ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਪਾਇਆ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।

 
adsfree-icon
Ads FreeProfile