Lectionary Calendar
Saturday, May 18th, 2024
Eve of Pentacost
Attention!
We are taking food to Ukrainians still living near the front lines. You can help by getting your church involved.
Click to donate today!

Read the Bible

ਬਾਇਬਲ

੧ ਤਿਮੋਥਿਉਸ 6

1 ਜਿੰਨੇ ਗੁਲਾਮ ਹੋ ਕੇ ਜੂਲੇ ਦੇ ਹੇਠ ਹਨ ਓਹ ਆਪਣਿਆਂ ਮਾਲਕਾਂ ਨੂੰ ਪੂਰੇ ਆਦਰ ਦੇ ਜੋਗ ਜਾਣਨ ਭਈ ਪਰਮੇਸ਼ੁਰ ਦੇ ਨਾਮ ਅਤੇ ਸਿੱਖਿਆ ਦੀ ਬਦਨਾਮੀ ਨਾ ਹੋਵੇ।
2 ਅਤੇ ਜਿਨ੍ਹਾਂ ਦੇ ਮਾਲਕ ਨਿਹਚਾਵਾਨ ਹਨ ਓਹ ਉਨ੍ਹਾਂ ਨੂੰ ਭਾਈ ਹੋਣ ਕਰਕੇ ਤੁੱਛ ਨਾ ਜਾਣਨ ਪਰ ਉਨ੍ਹਾਂ ਦੀ ਹੋਰ ਵੀ ਦਾਰੀ ਕਰਨ ਇਸ ਲਈ ਕਿ ਜਿਹੜੇ ਇਸ ਉਪਕਾਰ ਵਿੱਚ ਸਾਂਝੀ ਹਨ ਓਹ ਨਿਹਚਾਵਾਨ ਅਤੇ ਪਿਆਰੇ ਹਨ। ਇਨ੍ਹਾਂ ਗੱਲਾਂ ਦੀ ਸਿੱਖਿਆ ਦੇਹ ਅਤੇ ਉਪਦੇਸ਼ ਕਰ।
3 ਜੇ ਕੋਈ ਹੋਰ ਤਰਾਂ ਦੀ ਸਿੱਖਿਆ ਦਿੰਦਾ ਹੈ ਅਤੇ ਖਰੀਆਂ ਗੱਲਾਂ ਨੂੰ ਅਰਥਾਤ ਸਾਡੇ ਪ੍ਰਭੁ ਯਿਸੂ ਮਸੀਹ ਦੀਆਂ ਨੂੰ ਅਤੇ ਉਸ ਸਿੱਖਿਆ ਨੂੰ ਜੋ ਭਗਤੀ ਦੇ ਅਨੁਸਾਰ ਹੈ ਨਹੀਂ ਮੰਨਦਾ।
4 ਤਾਂ ਉਹ ਹੰਕਾਰਿਆ ਹੋਇਆ ਹੈ ਅਤੇ ਕੁਝ ਨਹੀਂ ਜਾਣਦਾ ਸਗੋਂ ਉਸ ਨੂੰ ਵਿਵਾਦਾਂ ਅਤੇ ਸ਼ਬਦਾਂ ਦੇ ਹੇਰ ਫੇਰ ਦੀ ਬਿਮਾਰੀ ਲੱਗੀ ਹੋਈ ਹੈ ਜਿਸ ਕਰਕੇ ਖਾਰ, ਝਗੜਾ, ਕੁਫ਼ਰ, ਬਦਗੁਮਾਨੀਆਂ।
5 ਅਤੇ ਟੰਟੇ ਉਨ੍ਹਾਂ ਮਨੁੱਖਾਂ ਵਿੱਚ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਵਿਗੜੀ ਹੋਈ ਹੈ ਅਤੇ ਜਿਨ੍ਹਾਂ ਕੋਲੋਂ ਸਚਿਆਈ ਜਾਂਦੀ ਰਹੀ ਅਤੇ ਓਹ ਭਗਤੀ ਨੂੰ ਖੱਟੀ ਦਾ ਵਸੀਲਾ ਸਮਝਦੇ ਹਨ।

6 ਪਰ ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ।
7 ਕਿਉਂ ਜੋ ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ।
8 ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।
9 ਪਰ ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ।
10 ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।
11 ਪਰ ਤੂੰ ਹੇ ਪਰਮੇਸ਼ੁਰ ਦਿਆ ਬੰਦਿਆ, ਇਨ੍ਹਾਂ ਗੱਲਾਂ ਤੋਂ ਭੱਜ ਅਤੇ ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗਾ ਰਹੁ।
12 ਨਿਹਚਾ ਦੀ ਚੰਗੀ ਲੜਾਈ ਲੜ, ਸਦੀਪਕ ਜੀਵਨ ਨੂੰ ਫੜ ਜਿਹ ਦੇ ਲਈ ਤੂੰ ਸੱਦਿਆ ਗਿਆ ਅਤੇ ਤੈਂ ਬਹੁਤਿਆਂ ਗਵਾਹਾਂ ਦੇ ਅੱਗੇ ਪੱਕਾ ਕਰਾਰ ਕੀਤਾ ਸੀ।

13 ਮੈਂ ਪਰਮੇਸ਼ੁਰ ਨੂੰ ਜਿਹੜਾ ਸਾਰੀਆਂ ਵਸਤਾਂ ਨੂੰ ਜੀਉਂਦਿਆਂ ਰੱਖਦਾ ਹੈ ਅਤੇ ਮਸੀਹ ਯਿਸੂ ਨੂੰ ਜਿਹ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਪੱਕਾ ਕਰਾਰ ਕੀਤਾ ਸੀ ਗਵਾਹ ਕਰਕੇ ਤੈਨੂੰ ਤਗੀਦ ਕਰਦਾ ਹਾਂ।
14 ਭਈ ਤੂੰ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਕਾਸ਼ ਹੋਣ ਤੀਕ ਆਪਣੇ ਫ਼ਰਜ਼ ਨੂੰ ਸਾਫ਼ ਅਤੇ ਬੇਬੱਜ ਕਰਕੇ ਰੱਖ।
15 ਜਿਹ ਨੂੰ ਉਹ ਵੇਲੇ ਸਿਰ ਵਿਖਾਵੇਗਾ ਜਿਹੜਾ ਧੰਨ ਅਤੇ ਅਦੁਤੀ ਸਰਬ ਸ਼ਕਤੀਮਾਨ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ ਹੈ।
16 ਅਮਰਤਾਈ ਇਕੱਲੇ ਉਸੇ ਦੀ ਹੈ ਅਤੇ ਉਹ ਅਣਪੁੱਜ ਜੋਤ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ, ਨਾ ਉਹ ਕਿਸੇ ਤੋਂ ਵੇਖਿਆ ਜਾ ਸੱਕਦਾ ਹੈ, ਉਸੇ ਦਾ ਆਦਰ ਅਤੇ ਪਰਾਕਰਮ ਸਦਾ ਹੀ ਹੋਵੇ। ਆਮੀਨ।
17 ਜਿਹੜੇ ਇਸ ਜੁੱਗ ਵਿੱਚ ਧਨਵਾਨ ਹਨ ਓਹਨਾਂ ਨੂੰ ਉਪਦੇਸ਼ ਕਰ ਭਈ ਗਰਬ ਨਾ ਕਰਨ ਅਤੇ ਬੇਠਿਕਾਣੇ ਧਨ ਉੱਤੇ ਨਹੀਂ ਸਗੋਂ ਪਰਮੇਸ਼ੁਰ ਉੱਤੇ ਆਸਰਾ ਰੱਖਣ ਜਿਹੜਾ ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।
18 ਨਾਲੇ ਇਹ ਭਈ ਓਹ ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ ਹੋਣ।
19 ਅਤੇ ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਨ ਭਈ ਓਹ ਉਸ ਜੀਵਨ ਨੂੰ ਫੜ ਲੈਣ ਜਿਹੜਾ ਅਸਲ ਜੀਵਨ ਹੈ।
20 ਹੇ ਤਿਮੋਥਿਉਸ, ਉਸ ਅਮਾਨਤ ਦੀ ਰਖਵਾਲੀ ਕਰ ਅਤੇ ਜਿਹੜਾ ਝੂਠ ਮੂਠ ਗਿਆਨ ਕਹਾਉਂਦਾ ਹੈ ਉਹ ਦੀ ਗੰਦੀ ਬੁੜ ਬੁੜ ਅਤੇ ਵਿਰੋਧਤਾਈਆਂ ਵੱਲੋਂ ਮੂੰਹ ਭੁਆ ਲੈ।
21 ਕਈ ਲੋਕ ਉਸ ਗਿਆਨ ਨੂੰ ਮੰਨ ਕੇ ਨਿਹਚਾ ਦੇ ਨਿਸ਼ਾਨੇ ਤੋਂ ਖੁੰਝ ਗਏ ਹਨ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।

 
adsfree-icon
Ads FreeProfile