Lectionary Calendar
Sunday, May 19th, 2024
Pentacost
Attention!
We are taking food to Ukrainians still living near the front lines. You can help by getting your church involved.
Click to donate today!

Read the Bible

ਬਾਇਬਲ

ਮੱਤੀ 22

1 ਯਿਸੂ ਨੇ ਅੱਗੋਂ ਉਨ੍ਹਾਂ ਦੇ ਨਾਲ ਦ੍ਰਿਸ਼ਟਾਂਤਾਂ ਵਿੱਚ ਫੇਰ ਬਚਨ ਕੀਤਾ ਅਰ ਕਿਹਾ,
2 ਸੁਰਗ ਦਾ ਰਾਜ ਇੱਕ ਪਾਤਸ਼ਾਹ ਵਰਗਾ ਹੈ ਜਿਹਨੇ ਆਪਣੇ ਪੁੱਤ੍ਰ ਦਾ ਵਿਆਹ ਕੀਤਾ।
3 ਅਤੇ ਉਸ ਨੇ ਸੱਦੇ ਹੋਇਆਂ ਨੂੰ ਵਿਆਹ ਵਿੱਚ ਸੱਦਣ ਲਈ ਆਪਣੇ ਚਾਕਰਾਂ ਨੂੰ ਘੱਲਿਆ ਪਰ ਓਹ ਆਉਣ ਨੂੰ ਰਾਜੀ ਨਾ ਹੋਏ।
4 ਫੇਰ ਉਹ ਨੇ ਹੋਰਨਾਂ ਚਾਕਰਾਂ ਨੂੰ ਇਹ ਕਹਿ ਕੇ ਘੱਲਿਆ ਜੋ ਸੱਦੇ ਹੋਇਆਂ ਨੂੰ ਕਹੋ ਭਈ ਵੇਖੋ ਮੈਂ ਆਪਣਾ ਖਾਣਾ ਤਿਆਰ ਕੀਤਾ ਹੈ, ਮੇਰੇ ਬੈਲ ਅਰ ਮੋਟੇ ਮੋਟੇ ਜਾਨਵਰ ਕੋਹੇ ਗਏ ਹਨ ਅਤੇ ਸਭ ਕੁਝ ਤਿਆਰ ਹੈ। ਤੁਸੀਂ ਵਿਆਹ ਵਿੱਚ ਚੱਲੋ।
5 ਪਰ ਓਹ ਬੇਪਰਵਾਹੀ ਕਰ ਕੇ ਚੱਲੇ ਗਏ, ਕੋਈ ਆਪਣੇ ਖੇਤ ਨੂੰ ਅਰ ਕੋਈ ਆਪਣੇ ਵਣਜ ਬੁਪਾਰ ਨੂੰ।
6 ਅਤੇ ਹੋਰਨਾਂ ਨੇ ਉਹ ਦੇ ਚਾਕਰਾਂ ਨੂੰ ਫੜ ਕੇ ਉਨ੍ਹਾਂ ਦੀ ਪੱਤ ਲਾਹੀ ਅਰ ਮਾਰ ਸੁੱਟਿਆ।
7 ਤਾਂ ਪਾਤਸ਼ਾਹ ਨੂੰ ਕ੍ਰੋਧ ਆਇਆ ਅਤੇ ਉਸ ਨੇ ਅਪਣੀਆਂ ਫੌਜਾਂ ਘੱਲ ਕੇ ਉਨ੍ਹਾਂ ਖੂਨੀਆਂ ਦਾ ਨਾਸ ਕਰ ਦਿੱਤਾ ਅਰ ਉਨ੍ਹਾਂ ਦਾ ਸ਼ਹਿਰ ਫੂਕ ਸੁੱਟਿਆ।
8 ਤਦ ਉਹ ਨੇ ਆਪਣੇ ਚਾਕਰਾਂ ਨੂੰ ਆਖਿਆ, ਵਿਆਹ ਦਾ ਸਾਮਾਨ ਤਾਂ ਤਿਆਰ ਹੈ ਪਰ ਸੱਦੇ ਹੋਏ ਨਲਾਇਕ ਹਨ।
9 ਸੋ ਤੁਸੀਂ ਚੁਰਾਹਿਆਂ ਵਿੱਚ ਜਾਓ ਅਤੇ ਜਿੰਨੇ ਤੁਹਾਨੂੰ ਮਿਲਣ ਵਿਆਹ ਵਿੱਚ ਸੱਦ ਲਿਆਓ।
10 ਤਾਂ ਓਹ ਚਾਕਰ ਰਸਤਿਆਂ ਉੱਤੇ ਬਾਹਰ ਜਾਕੇ ਬੁਰੇ ਭਲੇ ਜਿੰਨੇ ਮਿਲੇ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਗਿਆ।
11 ਪਰ ਜਦ ਪਾਤਸ਼ਾਹ ਮੇਲੀਆਂ ਨੂੰ ਵੇਖਣ ਅੰਦਰ ਆਇਆ ਤਦ ਉੱਥੋਂ ਇੱਕ ਮਨੁੱਖ ਨੂੰ ਡਿੱਠਾ ਜਿਹੜਾ ਵਿਆਹੁਣਾ ਕੱਪੜਾ ਪਹਿਨਿਆ ਹੋਇਆ ਨਾ ਸੀ।
12 ਅਤੇ ਉਹ ਨੂੰ ਕਿਹਾ, ਭਾਈ, ਤੂੰ ਇੱਥੇ ਵਿਆਹੁਣੇ ਕੱਪੜੇ ਬਾਝੋਂ ਕਿਸ ਤਰਾਂ ਅੰਦਰ ਆਇਆ? ਪਰ ਉਹ ਚੁੱਪ ਹੀ ਰਹਿ ਗਿਆ।
13 ਤਦ ਪਾਤਸ਼ਾਹ ਨੇ ਟਹਿਲੂਆਂ ਨੂੰ ਆਖਿਆ, ਇਹ ਦੇ ਹੱਥ ਪੈਰ ਬੰਨ੍ਹ ਕੇ ਇਹ ਨੂੰ ਬਾਹਰ ਦੇ ਅੰਧਘੋਰ ਵਿੱਚ ਸੁੱਟ ਦਿਓ! ਉੱਥੇ ਰੋਣਾ ਅਤੇ ਕਚੀਚੀਆਂ ਵੱਟਣਾ ਹੋਵੇਗਾ।
14 ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ।

15 ਤਦੋਂ ਫ਼ਰੀਸੀਆਂ ਨੇ ਜਾ ਕੇ ਮਤਾ ਪਕਾਇਆ ਜੋ ਉਹ ਨੂੰ ਕਿਸ ਤਰਾਂ ਗੱਲਾਂ ਵਿੱਚ ਫਸਾਈਏ।
16 ਅਤੇ ਉਨ੍ਹਾਂ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਦੇ ਕੋਲ ਭੇਜਿਆ ਭਈ ਉਸ ਨੂੰ ਆਖਣ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਰ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ।
17 ਸੋ ਸਾਨੂੰ ਦੱਸ, ਤੂੰ ਕੀ ਸਮਝਦਾ ਹੈ ਜੋ ਕੈਸਰ ਨੂੰ ਜਜ਼ੀਯਾ ਦੇਣਾ ਜੋਗ ਹੈ ਯਾ ਨਹੀਂ?
18 ਪਰ ਯਿਸੂ ਨੇ ਉਨ੍ਹਾਂ ਦੀ ਸ਼ਰਾਰਤ ਜਾਣ ਕੇ ਆਖਿਆ, ਹੇ ਕਪਟੀਓ ਕਿਉਂ ਮੈਨੂੰ ਪਰਤਾਉਂਦੇ ਹੋ?
19 ਜਜ਼ੀਯੇ ਦਾ ਸਿੱਕਾ ਮੈਨੂੰ ਵਿਖਾਓ। ਤਦ ਓਹ ਇੱਕ ਅੱਠਿਆਨੀ ਉਸ ਕੋਲ ਲਿਆਏ।
20 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, ਇਹ ਮੂਰਤ ਅਤੇ ਲਿਖਤ ਕਿਹਦੀ ਹੈ?
21 ਉਨ੍ਹਾਂ ਉਸ ਨੂੰ ਕਿਹਾ, ਕੈਸਰ ਦੀ। ਤਦ ਉਸ ਨੇ ਉਨ੍ਹਾਂ ਨੂੰ ਆਖਿਆ, ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।
22 ਅਤੇ ਉਨ੍ਹਾਂ ਨੇ ਇਹ ਸੁਣ ਕੇ ਅਚਰਜ ਮੰਨਿਆ ਅਰ ਉਸ ਨੂੰ ਛੱਡ ਕੇ ਚੱਲੇ ਗਏ।

23 ਉਸੇ ਦਿਨ ਸਦੂਕੀ ਜਿਹੜੇ ਆਖਦੇ ਹਨ ਜੋ ਕਿਆਮਤ ਨਹੀਂ ਹੋਣੀ ਉਹ ਦੇ ਕੋਲ ਆਏ ਅਤੇ ਇਹ ਕਹਿ ਕੇ ਉਸ ਤੋਂ ਸਵਾਲ ਪੁੱਛਿਆ।
24 ਕਿ ਗੁਰੂ ਜੀ ਮੂਸਾ ਨੇ ਆਖਿਆ ਸੀ ਭਈ ਜੇ ਕੋਈ ਔਂਤ ਮਰ ਜਾਵੇ ਤਾਂ ਉਹ ਦਾ ਭਾਈ ਉਹ ਦੀ ਤੀਵੀਂ ਨਾਲ ਵਿਆਹ ਕਰ ਲਵੇ ਅਤੇ ਆਪਣੇ ਭਾਈ ਲਈ ਵੰਸ ਉਤਪੰਨ ਕਰੇ।
25 ਸੋ ਸਾਡੇ ਵਿੱਚ ਸੱਤ ਭਾਈ ਸਨ ਅਤੇ ਪਹਿਲਾ ਵਿਆਹ ਕਰਕੇ ਮਰ ਗਿਆ ਅਤੇ ਬੇਉਲਾਦਾ ਹੋਣ ਕਰਕੇ ਆਪਣੇ ਭਾਈ ਦੇ ਲਈ ਆਪਣੀ ਤੀਵੀਂ ਛੱਡ ਗਿਆ।
26 ਇਸੇ ਤਰਾਂ ਦੂਆ ਭੀ ਅਤੇ ਤੀਆ ਭੀ ਸੱਤਵੇਂ ਤੀਕਰ।
27 ਅਰ ਸਾਰਿਆਂ ਦੇ ਪਿੱਛੋਂ ਉਹ ਤੀਵੀਂ ਭੀ ਮਰ ਗਈ।
28 ਉਪਰੰਤ ਕਿਆਮਤ ਨੂੰ ਉਹ ਉਨ੍ਹਾਂ ਸੱਤਾਂ ਵਿੱਚੋਂ ਕਿਹ ਦੀ ਤੀਵੀਂ ਹੋਊ ਕਿਉਂਕਿ ਉਨ੍ਹਾਂ ਸਭਨਾਂ ਨੇ ਉਹ ਨੂੰ ਵਸਾਇਆ ਸੀ?
29 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਕਿਤਾਬਾਂ ਅਰ ਪਰਮੇਸ਼ੁਰ ਦੀ ਸਮਰੱਥਾ ਨੂੰ ਨਾ ਜਾਣ ਕੇ ਭੁੱਲ ਵਿੱਚ ਪਏ ਹੋ।
30 ਕਿਉਂ ਜੋ ਕਿਆਮਤ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ ਬਲਕਣ ਸੁਰਗ ਵਿੱਚ ਦੂਤਾਂ ਵਰਗੇ ਹਨ।
31 ਪਰ ਮੁਰਦਿਆਂ ਦੀ ਕਿਆਮਤ ਦੇ ਵਿਖੇ ਕੀ ਤੁਸਾਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਤੁਹਾਨੂੰ ਆਖਿਆ।
32 ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ? ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਪਰ ਜੀਉਂਦਿਆਂ ਦਾ ਹੈ।
33 ਅਤੇ ਲੋਕ ਇਹ ਸੁਣ ਕੇ ਉਹ ਦੇ ਉਪਦੇਸ਼ ਤੋਂ ਹੈਰਾਨ ਹੋਏ।

34 ਪਰ ਜਦ ਫ਼ਰੀਸੀਆਂ ਨੇ ਸੁਣਿਆ ਜੋ ਉਹ ਨੇ ਸਦੂਕੀਆਂ ਦਾ ਮੁੰਹ ਬੰਦ ਕਰ ਦਿੱਤਾ ਤਦ ਓਹ ਇੱਕ ਥਾਂ ਇੱਕਠੇ ਹੋਏ।
35 ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜਿਹੜਾ ਸ਼ਰਾ ਦਾ ਸਿਖਲਾਉਣ ਵਾਲਾ ਸੀ ਉਹ ਦੇ ਪਰਤਾਉਣ ਲਈ ਸਵਾਲ ਕੀਤਾ।
36 ਜੋ ਗੁਰੂ ਜੀ ਤੁਰੇਤ ਵਿੱਚ ਵੱਡਾ ਹੁਕਮ ਕਿਹੜਾ ਹੈ?
37 ਅਤੇ ਉਹ ਨੇ ਉਸ ਨੂੰ ਕਿਹਾ, ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।
38 ਵੱਡਾ ਅਤੇ ਪਹਿਲਾ ਹੁਕਮ ਇਹੋ ਹੈ।
39 ਅਤੇ ਦੂਆ ਇਹ ਦੇ ਵਾਂਙੁ ਹੈ ਕਿ ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।
40 ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।

41 ਜਿਸ ਵੇਲੇ ਫ਼ਰੀਸੀ ਇਕੱਠੇ ਸਨ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ।
42 ਮਸੀਹ ਦੇ ਹੱਕ ਵਿੱਚ ਤੁਸੀਂ ਕੀ ਸਮਝਦੇ ਹੋ, ਉਹ ਕਿਹਦਾ ਪੁੱਤ੍ਰ ਹੈ? ਉਨ੍ਹਾਂ ਉਸ ਨੂੰ ਆਖਿਆ, ਦਾਊਦ ਦਾ।
43 ਉਸ ਨੇ ਉਨ੍ਹਾਂ ਨੂੰ ਕਿਹਾ, ਫੇਰ ਦਾਊਦ ਆਤਮਾ ਦੀ ਰਾਹੀਂ ਕਿੱਕੁਰ ਉਹ ਨੂੰ ਪ੍ਰਭੁ ਆਖਦਾ ਹੈ? ਕਿ
44 ਪ੍ਰਭੁ ਨੇ ਮੇਰੇ ਪ੍ਰਭੁ ਨੂੰ ਆਖਿਆ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।
45 ਸੋ ਜਦ ਦਾਊਦ ਉਹ ਨੂੰ ਪ੍ਰਭੁ ਆਖਦਾ ਹੈ ਤਾਂ ਉਹ ਉਸ ਦਾ ਪੁੱਤ੍ਰ ਕਿਸ ਤਰਾਂ ਹੋਇਆ?
46 ਅਤੇ ਕੋਈ ਉਹ ਨੂੰ ਇੱਕ ਬਚਨ ਤੀਕਰ ਦਾ ਜਵਾਬ ਨਾ ਦੇ ਸੱਕਿਆ, ਨਾ ਉਸ ਦਿਨ ਤੋਂ ਕਿਸੇ ਦਾ ਹਿਆਉਂ ਪਿਆ ਜੋ ਉਸ ਅੱਗੇ ਕੋਈ ਪ੍ਰਸ਼ਨ ਕਰੇ।

 
adsfree-icon
Ads FreeProfile